ਸੁੱਕਾ ਝੋਨਾ ਹੀ ਮੰਡੀਆਂ ’ਚ ਲੈ ਕੇ ਆਉਣ ਕਿਸਾਨ - ਡਿਪਟੀ ਕਮਿਸ਼ਨਰ ਸੁੱਕਾ ਝੋਨਾ ਹੀ ਮੰਡੀਆਂ ’ਚ ਲੈ ਕੇ ਆਉਣ ਕਿਸਾਨ - ਡਿਪਟੀ ਕਮਿਸ਼ਨਰ
Publish Date: Wed, 28 Oct 2026 04:43 PM (IST)
Updated Date: Wed, 28 Oct 2026 04:46 PM (IST)
- ਜ਼ਿਲ੍ਹੇ ’ਚ ਹੁਣ ਤਕ 9,91,794 ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ - 2026.92 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਖਰੀਫ਼ ਸੀਜ਼ਨ ਦੌਰਾਨ ਜ਼ਿਲ੍ਹਾ ਤਰਨਤਾਰਨ ’ਚ ਝੋਨੇ ਦੀ ਖ਼ਰੀਦ ਦਾ ਕੰਮ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤਕ 10,03,214 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 9,91,794 ਮੀਟ੍ਰਿਕ ਟਨ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਹੁਣ ਤਕ 4,54,566 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 243833, ਪਠਸਪ ਵੱਲੋਂ 168454, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 118986 ਅਤੇ ਵਪਾਰੀਆਂ ਵੱਲੋਂ 5955 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਖ਼ਰੀਦ ਕੀਤੀ ਫ਼ਸਲ ਦੀ ਕਿਸਾਨਾਂ ਨੂੰ ਨਿਰਧਾਰਿਤ ਸਮੇਂ ਦੇ ਅੰਦਰ 2026.92 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਝੋਨੇ ਦੀ ਵਿਕਰੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਜਾਂ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ 17 ਫ਼ੀਸਦੀ ਤਕ ਨਮੀ ਵਾਲੇ ਝੋਨੇ ਦੀ ਹੀ ਖ਼ਰੀਦ ਕੀਤੀ ਜਾਂਦੀ ਹੈ। ਇਸ ਲਈ ਕਿਸਾਨ ਵੱਧ ਨਮੀ ਵਾਲਾ ਝੋਨਾ ਮੰਡੀਆਂ ’ਚ ਲਿਆਉਣ ਤੋਂ ਗੁਰੇਜ਼ ਕਰਨ ਅਤੇ ਸੁੱਕੀ ਫਸਲ ਹੀ ਮੰਡੀ ’ਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ’ਚ ਸਹੂਲਤ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਝੋਨੇ ਦੀ ਕਟਾਈ ਸਬੰਧੀ ਨਿਰਧਾਰਤ ਸਮੇਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਸਾਨਾਂ ਅਤੇ ਕੰਬਾਈਨ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਂ-ਸਾਰਣੀ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪਰਾਲੀ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਇਸ ਦਾ ਸੁਚੱਜਾ ਪ੍ਰਬੰਧਨ ਕਰਕੇ ਵਾਤਾਵਰਨ ਅਤੇ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ’ਚ ਆਪਣਾ ਯੋਗਦਾਨ ਪਾਉਣ।