- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ ’ਚ ਸਾਲਾਨਾ ਜੋੜ ਮੇਲਾ 29 ਅਕਤੂਬਰ ਤੋਂ 1 ਨਵੰਬਰ ਤਕ ਮਨਾਇਆ ਜਾਵੇਗਾ

31 ਅਕਤੂਬਰ ਨੂੰ ਰੈਣ ਸਬਾਈ ਕੀਰਤਨ ਦਰਬਾਰ, 1 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ : ਬਾਬਾ ਅਵਤਾਰ ਸਿੰਘ
ਬੱਲੂ ਮਹਿਤਾ•, ਪੰਜਾਬੀ ਜਾਗਰਣ
ਪੱਟੀ : ਮੀਰੀ-ਪੀਰੀ ਦੇ ਮਾਲਕ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਰੋਸਾਏ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ’ਚ ਬੈਠਣ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰਦੁਆਰਾ ਬਾਬਾ ਬਿਧੀ ਚੰਦ ਭੱਠ ਸਾਹਿਬ, ਪੱਟੀ ਵਿਖੇ 29 ਅਕਤੂਬਰ ਤੋਂ 1 ਨਵੰਬਰ ਤਕ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ, ਮਹਾਂਪੁਰਖ ਸੰਤ ਬਾਬਾ ਸੋਹਣ ਸਿੰਘ ਜੀ ਅਤੇ ਸੰਤ ਬਾਬਾ ਦਇਆ ਸਿੰਘ ਜੀ ਦੀਆਂ ਅਸੀਸਾਂ ਸਦਕਾ ਇਹ ਸਮਾਗਮ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਮੁਖੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੇਲੇ ’ਚ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਛਾਉਣੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ, ਖੂਹ ਵਾਲੀ ਥਾਂ ਵਿਖੇ ਸੰਗਤਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਛਾਉਣੀ ਵਿਖੇ ਵੀ ਲੰਗਰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ, ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
------------
ਬਾਕਸ -
31 ਅਕਤੂਬਰ ਨੂੰ ਸੱਜੇਗਾ ਰੈਣ ਸਬਾਈ ਕੀਰਤਨ ਦਰਬਾਰ
ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਜੋੜ ਮੇਲੇ ਦੌਰਾਨ 31 ਅਕਤੂਬਰ ਦੀ ਸ਼ਾਮ ਨੂੰ ਰੈਣ ਸਬਾਈ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਮੌਕੇ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। 1 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ’ਚ ਕਥਾ-ਕੀਰਤਨ ਤੋਂ ਇਲਾਵਾ ਢਾਡੀ ਅਤੇ ਕਵੀਸ਼ਰੀ ਜਥੇ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਸਾਹਿਬਾਨ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।
----------
ਬਾਕਸ -
ਕਬੱਡੀ ਮੁਕਾਬਲਿਆਂ ਦੇ ਨਾਲ ਘੋੜ ਦੌੜ, ਨੇਜ਼ਾਬਾਜ਼ੀ ਤੇ ਗਤਕੇ ਦੇ ਜੌਹਰ ਵੀ ਦਿਖਾਏ ਜਾਣਗੇ
ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਜੋੜ ਮੇਲੇ ਦੌਰਾਨ ਖੇਡਾਂ ਅਤੇ ਸਿੱਖ ਵਿਰਾਸਤ ਨਾਲ ਜੁੜੀਆਂ ਰਵਾਇਤੀ ਕਲਾਵਾਂ ਦੇ ਪ੍ਰਦਰਸ਼ਨ ਵੀ ਖਿੱਚ ਦਾ ਕੇਂਦਰ ਰਹਿਣਗੇ। ਮੇਲੇ ’ਚ ਨਾਮਵਰ ਕਬੱਡੀ ਟੀਮਾਂ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਬਾਅਦ ਹਾਥੀਆਂ ਅਤੇ ਘੋੜਿਆਂ ਸਮੇਤ ਗੁਰਦੁਆਰਾ ਭੱਠ ਸਾਹਿਬ ਜੀ ਦੀ ਪਰਿਕਰਮਾ ਕਰਦਿਆਂ ਛਾਉਣੀ ਦਲ ਬਾਬਾ ਬਿਧੀ ਚੰਦ ਜੀ ਵਿਖੇ ਪਹੁੰਚਿਆ ਜਾਵੇਗਾ। ਉਥੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਸਿੰਘਾਂ ਵੱਲੋਂ ਘੋੜ ਦੌੜ, ਨੇਜ਼ਾਬਾਜ਼ੀ ਅਤੇ ਗਤਕਾਬਾਜ਼ੀ ਦੇ ਜੌਹਰ ਦਿਖਾਏ ਜਾਣਗੇ।
ਇਸ ਮੌਕੇ ਵੱਖ-ਵੱਖ ਦਲਾਂ-ਪੰਥਾਂ ਦੇ ਜਥੇਦਾਰ ਸਾਹਿਬਾਨ, ਸਤਿਕਾਰਯੋਗ ਸਿੰਘ ਸਾਹਿਬਾਨ ਅਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਖਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਜੋੜ ਮੇਲੇ ’ਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।
ਇਸ ਮੌਕੇ ਬਾਬਾ ਪ੍ਰੇਮ ਸਿੰਘ, ਬਾਬਾ ਚਰਨਜੀਤ ਸਿੰਘ, ਸੇਵਾਦਾਰ ਕੁਲਦੀਪ ਸਿੰਘ ਬੇਗੇਪੁਰ, ਜਥੇਦਾਰ ਯਾਦਵਿੰਦਰ ਸਿੰਘ, ਪ੍ਰਤਾਪ ਸਿੰਘ ਕੋਟਬੁੱਢਾ, ਹਰਜੀਤ ਸਿੰਘ ਸੇਦੋਂ ਡਾਇਰੈਕਟ, ਤੇਜਿੰਦਰ ਸਿੰਘ ਛੀਨਾ, ਹਰਜਿੰਦਰ ਸਿੰਘ ਢਿੱਲੋਂ ਅਤੇ ਗੋਰਾ ਬੀਬੀਸੀ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।