ਕੈਂਟਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟੀ, ਕਿਸਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ ਕੈਂਟਰ ਦੀ ਟੱਕਰ ਨਾਲ ਟਰੈਕਟਰ-ਟਰਾਲੀ ਪਲਟੀ, ਕਿਸਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ
Publish Date: Wed, 28 Oct 2026 07:19 PM (IST)
Updated Date: Wed, 28 Oct 2026 07:22 PM (IST)
ਝਬਾਲ-ਅੰਮ੍ਰਿਤਸਰ ਰੋਡ ’ਤੇ ਮੋੜ ਠੱਠਾ ਨੇੜੇ ਵਾਪਰਿਆ ਹਾਦਸਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਝਬਾਲ : ਝਬਾਲ-ਅੰਮ੍ਰਿਤਸਰ ਮਾਰਗ ’ਤੇ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜੇ ਬੁੱਧਵਾਰ ਸਵੇਰੇ ਤੜਕਸਾਰ ਅੰਮ੍ਰਿਤਸਰ ਦੀ ਦਾਣਾ ਮੰਡੀ ’ਚ ਝੋਨਾ ਵੇਚਣ ਜਾ ਰਹੇ ਕਿਸਾਨ ਦੇ ਟਰੈਕਟਰ-ਟਰਾਲੀ ਨੂੰ ਪਿੱਛੋਂ ਆ ਰਹੇ ਇਕ ਕੈਂਟਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ-ਟਰਾਲੀ ਸੜਕ ’ਤੇ ਪਲਟ ਗਈ ਤੇ ਇਸ ਹਾਦਸੇ ’ਚ ਟਰੈਕਟਰ ਚਾਲਕ ਮੋਹਕਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਕਿ ਉਸ ਦੇ ਨਾਲ ਬੈਠਾ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਸ਼ੁਕਰਚੱਕ ਦੇ ਵਸਨੀਕ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੁੱਖ ਸਿੰਘ ਆਪਣੇ ਟਰੈਕਟਰ-ਟਰਾਲੀ ’ਤੇ ਝੋਨਾ ਲੱਦ ਕੇ ਅੰਮ੍ਰਿਤਸਰ ਦੀ ਦਾਣਾ ਮੰਡੀ ’ਚ ਵੇਚਣ ਲਈ ਜਾ ਰਹੇ ਸਨ। ਜਦੋਂ ਉਹ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਕੈਂਟਰ ਨੇ ਉਨ੍ਹਾਂ ਦੀ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਕਾਰਨ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ ਅਤੇ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਟਰੈਕਟਰ ਚਲਾ ਰਹੇ ਮੋਹਕਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਝਬਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਅਤੇ ਹੋਰ ਸਬੰਧਿਤ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।