- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਪੁਲਿਸ ਦਾ ਇੱਕ ਕਾਂਸਟੇਬਲ ਵੀ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕੱਟਾ ਨੇ ਨਿੱਜੀ ਤੌਰ ’ਤੇ ਵੀ ਆਪਣੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਸੀ।

ਧਰਮਬੀਰ ਸਿੰਘ ਮਲਹਾਰ, ਤਰਨਤਾਰਨ : ਤਰਨਤਾਰਨ ਦੇ ਕਸਬਾ ਖੇਮਕਰਨ ਦੇ ਆਸਲ ਰੋਡ ’ਤੇ ਬੁੱਧਵਾਰ ਦੁਪਹਿਰ ਇੱਕ ਆੜ੍ਹਤੀ ਨੇ ਗੈਂਗਸਟਰਾਂ ਦੀਆਂ ਧਮਕੀਆਂ ਕਾਰਨ ਡਰ ਦੇ ਮਾਹੌਲ ਵਿੱਚ ਅਣਪਛਾਤੇ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਆੜ੍ਹਤੀ ਅਤੇ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੇ ਉਨ੍ਹਾਂ ਨੂੰ ਸ਼ੂਟਰ ਸਮਝ ਕੇ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਤਿੰਨ ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਨੂੰ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਕਸਬੇ ਖੇਮਕਰਨ ਦਾ ਰਹਿਣ ਵਾਲਾ ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਘਰਿਆਲਾ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਖੇਮਕਰਨ ਪਰਤ ਰਿਹਾ ਸੀ। ਜਦੋਂ ਮਨਜੀਤ ਸਿੰਘ ਕੱਟਾ ਪਿੰਡ ਮਹਿੰਦੀਪੁਰ ਮੋੜ ’ਤੇ ਪਹੁੰਚਿਆ ਤਾਂ ਉਸ ਦੇ ਪਿੱਛੇ ਇੱਕ ਹੋਰ ਗੱਡੀ ਆ ਰਹੀ ਸੀ।
ਡਰ ਦੇ ਮਾਹੌਲ 'ਚ ਚਲਾ ਦਿੱਤੀਆਂ ਗੋਲੀਆਂ
ਕੱਟਾ ਜਿਵੇਂ ਹੀ ਰੇਲਵੇ ਫਾਟਕ ਨੇੜੇ ਪਹੁੰਚਿਆ ਤਾਂ ਉਸ ਨੇ ਪਿੱਛੇ ਆ ਰਹੀ ਗੱਡੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋ ਗਏ। ਗੋਲੀਆਂ ਲੱਗਣ ਕਾਰਨ ਗੁਰਸੇਵਕ ਸਿੰਘ ਦੀ ਮੌਤ ਹੋ ਗਈ, ਜਦਕਿ ਹਰਕੀਰਤ ਸਿੰਘ ਅਤੇ ਸਾਜਨ ਸਿੰਘ ਨੂੰ ਗੰਭੀਰ ਹਾਲਤ ਵਿੱਚ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਕੱਟਾ ਨੇ ਜਨਤਕ ਤੌਰ ’ਤੇ ਇਕੱਠੀ ਹੋਈ ਭੀੜ ਨੂੰ ਸੰਬੋਧਨ ਵੀ ਕੀਤਾ।
ਪਹਿਲਾਂ ਵੀ ਮਿਲ ਰਹੀਆਂ ਸਨ ਧਮਕੀਆਂ
ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਉਸ ਨੂੰ ਪੁਲਿਸ ਦਾ ਇੱਕ ਕਾਂਸਟੇਬਲ ਵੀ ਮੁਹੱਈਆ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕੱਟਾ ਨੇ ਨਿੱਜੀ ਤੌਰ ’ਤੇ ਵੀ ਆਪਣੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਸੀ।
ਘਟਨਾ ਤੋਂ ਬਾਅਦ ਮਨਜੀਤ ਸਿੰਘ ਨੇ ਕਿਹਾ ਕਿ ਇਹ ਲੋਕ ਫਿਰੌਤੀ ਨਾਲ ਸਬੰਧਤ ਹਨ ਅਤੇ ਆਪਣੀ ਸੁਰੱਖਿਆ ਖ਼ੁਦ ਹੀ ਕਰਨੀ ਪਵੇਗੀ।
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਟਰਾਂਸਪੋਰਟਰ ਮਨਜੀਤ ਸਿੰਘ ਕੱਟਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਗੋਲੀਬਾਰੀ ਕੋਈ ਛੋਟਾ ਅਪਰਾਧ ਨਹੀਂ ਹੈ। ਸਿਰਫ਼ ਸ਼ੱਕ ਦੇ ਆਧਾਰ ’ਤੇ ਗੋਲੀਆਂ ਚਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੌਕੇ ’ਤੇ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।