ਕਰਵਾਚੌਥ ’ਤੇ ਇਹ ਕਥਾ ਪੜ੍ਹੇ ਬਿਨਾਂ ਅਧੂਰਾ ਰਹੇਗਾ ਵਰਤ! ਅਖੰਡ ਸੁਹਾਗ ਤੇ ਖੁਸ਼ਹਾਲ ਵਿਆਹੁਤਾ ਜੀਵਨ ਦਾ ਮਿਲੇਗਾ ਆਸ਼ੀਰਵਾਦ ਕਰਵਾਚੌਥ ਦਾ ਵਰਤ ਸੁਹਾਗਣ ਔਰਤਾਂ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਰੱਖਦੀਆਂ ਹਨ। ਮਾਨਤਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਵਿਆਹੁਤਾ ਜੀਵਨ ਵਿੱਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ। ਇਹ ਵਰਤ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਔਰਤਾਂ ਸਾਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਦੇਣ ਤੋਂ ਬਾਅਦ ਵਰਤ ਖੋਲ੍ਹਦੀਆਂ ਹਨ
Publish Date: Wed, 28 Oct 2026 03:44 PM (IST)
Updated Date: Wed, 28 Oct 2026 03:45 PM (IST)
ਧਰਮ ਡੈਸਕ, ਨਵੀਂ ਦਿੱਲੀ। ਕਰਵਾਚੌਥ ਦਾ ਵਰਤ ਸੁਹਾਗਣ ਔਰਤਾਂ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਰੱਖਦੀਆਂ ਹਨ। ਮਾਨਤਾ ਹੈ ਕਿ ਇਸ ਵਰਤ ਨੂੰ ਰੱਖਣ ਨਾਲ ਵਿਆਹੁਤਾ ਜੀਵਨ ਵਿੱਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ। ਇਹ ਵਰਤ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਰੱਖਿਆ ਜਾਂਦਾ ਹੈ। ਇਸ ਦਿਨ ਔਰਤਾਂ ਸਾਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਕੇ ਅਰਘ ਦੇਣ ਤੋਂ ਬਾਅਦ ਵਰਤ ਖੋਲ੍ਹਦੀਆਂ ਹਨ।
ਇਸ ਸਾਲ ਕਰਵਾਚੌਥ ਦਾ ਵਰਤ 29 ਅਕਤੂਬਰ, ਵੀਰਵਾਰ ਨੂੰ ਰੱਖਿਆ ਜਾਵੇਗਾ। ਇਸ ਦਿਨ ਪੂਜਾ ਅਤੇ ਵਰਤ ਜਿੰਨਾ ਮਹੱਤਵਪੂਰਨ ਹੈ, ਉੱਨਾ ਹੀ ਮਹੱਤਵ ਵਰਤ ਦੀ ਕਥਾ ਪੜ੍ਹਨ ਦਾ ਵੀ ਹੈ। ਮਾਨਤਾ ਅਨੁਸਾਰ, ਜੇਕਰ ਤੁਸੀਂ ਵੀ ਇਸ ਦਿਨ ਵਰਤ ਕਥਾ ਦਾ ਪਾਠ ਕਰੋਗੀਆਂ, ਤਾਂ ਵਿਆਹੁਤਾ ਜੀਵਨ ਵਿੱਚ ਪਿਆਰ ਬਣਿਆ ਰਹੇਗਾ ਅਤੇ ਪਤੀ ਦੀ ਲੰਬੀ ਉਮਰ ਦਾ ਆਸ਼ੀਰਵਾਦ ਮਿਲੇਗਾ।
ਕਰਵਾਚੌਥ ਵਰਤ ਕਥਾ: ਵੀਰਾਵਤੀ ਦੀ ਕਹਾਣੀ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਸਾਹੂਕਾਰ ਦੇ ਸੱਤ ਪੁੱਤਰ ਅਤੇ ਇੱਕ ਧੀ ਸੀ, ਜਿਸ ਦਾ ਨਾਂ ਵੀਰਾਵਤੀ ਸੀ। ਸੱਤ ਭਰਾਵਾਂ ਦੀ ਇਕਲੌਤੀ ਭੈਣ ਹੋਣ ਕਾਰਨ ਵੀਰਾਵਤੀ ਸਾਰਿਆਂ ਨੂੰ ਬਹੁਤ ਪਿਆਰੀ ਸੀ। ਇੱਕ ਵਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਸਾਹੂਕਾਰ ਦੀ ਪਤਨੀ, ਉਸ ਦੀਆਂ ਸੱਤੋਂ ਨੂੰਹਾਂ ਅਤੇ ਧੀ ਵੀਰਾਵਤੀ ਨੇ ਕਰਵਾਚੌਥ ਦਾ ਵਰਤ ਰੱਖਿਆ। ਸਾਰਾ ਦਿਨ ਭੁੱਖੇ-ਪਿਆਸੇ ਰਹਿਣ ਕਾਰਨ ਵੀਰਾਵਤੀ ਦੀ ਹਾਲਤ ਵਿਗੜਨ ਲੱਗੀ। ਰਾਤ ਨੂੰ ਜਦੋਂ ਸਾਹੂਕਾਰ ਦੇ ਸਾਰੇ ਪੁੱਤਰ ਖਾਣਾ ਖਾਣ ਬੈਠੇ, ਤਾਂ ਉਨ੍ਹਾਂ ਨੇ ਆਪਣੀ ਭੈਣ ਨੂੰ ਵੀ ਭੋਜਨ ਕਰਨ ਲਈ ਕਿਹਾ। ਪਰ ਵੀਰਾਵਤੀ ਨੇ ਮਨ੍ਹਾ ਕਰ ਦਿੱਤਾ, ਕਿਉਂਕਿ ਉਸ ਨੇ ਕਰਵਾਚੌਥ ਦਾ ਵਰਤ ਰੱਖਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਅੰਨ ਅਤੇ ਪਾਣੀ ਗ੍ਰਹਿਣ ਕਰ ਸਕਦੀ ਹੈ। ਭਰਾ ਆਪਣੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਸ ਨੂੰ ਭੁੱਖ ਨਾਲ ਤੜਫਦਾ ਨਹੀਂ ਦੇਖ ਸਕਦੇ ਸਨ।
ਸਾਰੇ ਭਰਾਵਾਂ ਨੇ ਸੋਚਿਆ ਕਿ ਜੇਕਰ ਕਿਸੇ ਤਰ੍ਹਾਂ ਚੰਦਰਮਾ ਜਲਦੀ ਨਿਕਲਣ ਦਾ ਭੁਲੇਖਾ ਪਾ ਦਿੱਤਾ ਜਾਵੇ, ਤਾਂ ਉਨ੍ਹਾਂ ਦੀ ਭੈਣ ਵਰਤ ਖੋਲ੍ਹ ਕੇ ਭੋਜਨ ਅਤੇ ਪਾਣੀ ਲੈ ਸਕੇਗੀ। ਇਸ ਲਈ ਸਾਹੂਕਾਰ ਦੇ ਪੁੱਤਰ ਘਰੋਂ ਬਾਹਰ ਗਏ ਅਤੇ ਇੱਕ ਦਰੱਖਤ ’ਤੇ ਚੜ੍ਹ ਕੇ ਅੱਗ ਬਾਲ ਦਿੱਤੀ। ਫਿਰ ਘਰ ਵਾਪਸ ਆ ਕੇ ਉਨ੍ਹਾਂ ਨੇ ਭੈਣ ਨੂੰ ਕਿਹਾ, “ਦੇਖੋ ਭੈਣ, ਚੰਦਰਮਾ ਨਿਕਲ ਆਇਆ ਹੈ। ਹੁਣ ਤੁਸੀਂ ਚੰਦਰਮਾ ਦੇ ਦਰਸ਼ਨ ਕਰਕੇ ਆਪਣਾ ਵਰਤ ਖੋਲ੍ਹ ਸਕਦੀ ਹੋ।”
ਸਾਹੂਕਾਰ ਦੀ ਧੀ ਵੀਰਾਵਤੀ ਨੇ ਆਪਣੀਆਂ ਭਾਬੀਆਂ ਨੂੰ ਵੀ ਚੰਦਰਮਾ ਦੇ ਦਰਸ਼ਨ ਕਰਕੇ ਵਰਤ ਖੋਲ੍ਹਣ ਲਈ ਕਿਹਾ। ਪਰ ਭਾਬੀਆਂ ਨੇ ਇਨਕਾਰ ਕਰਦਿਆਂ ਕਿਹਾ ਕਿ ਹਾਲੇ ਚੰਦਰਮਾ ਨਹੀਂ ਨਿਕਲਿਆ, ਸਗੋਂ ਉਸ ਦੇ ਭਰਾਵਾਂ ਨੇ ਚੰਦਰਮਾ ਨਿਕਲਣ ਦਾ ਭੁਲੇਖਾ ਪਾਇਆ ਹੈ, ਤਾਂ ਜੋ ਉਹ ਵਰਤ ਖੋਲ੍ਹ ਸਕੇ।
ਵੀਰਾਵਤੀ ਨੇ ਭਾਬੀਆਂ ਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਭਰਾਵਾਂ ਦੀ ਗੱਲ ਮੰਨ ਕੇ ਨਕਲੀ ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਅੰਨ ਅਤੇ ਪਾਣੀ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਸ ਨੇ ਭੋਜਨ ਖਾਣਾ ਸ਼ੁਰੂ ਕੀਤਾ, ਉਸ ਨਾਲ ਅਣਹੋਣੀਆਂ ਘਟਨਾਵਾਂ ਵਾਪਰਨ ਲੱਗੀਆਂ। ਪਹਿਲੀ ਬੁਰਕੀ ਵਿੱਚ ਉਸ ਨੂੰ ਵਾਲ ਮਿਲਿਆ, ਦੂਜੀ ਬੁਰਕੀ ਖਾਂਦਿਆਂ ਉਸ ਨੂੰ ਜ਼ੋਰ ਦੀ ਛਿੱਕ ਆ ਗਈ ਅਤੇ ਤੀਜੀ ਬੁਰਕੀ ਖਾਣ ਲੱਗਿਆਂ ਸਹੁਰੇ ਘਰੋਂ ਸੁਨੇਹਾ ਆਇਆ ਕਿ ਉਸ ਦਾ ਪਤੀ ਬਹੁਤ ਬਿਮਾਰ ਹੈ।
ਵੀਰਾਵਤੀ ਤੁਰੰਤ ਆਪਣੇ ਸਹੁਰੇ ਘਰ ਪਹੁੰਚੀ, ਪਰ ਉੱਥੇ ਜਾ ਕੇ ਉਸ ਨੇ ਦੇਖਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਇਹ ਦੇਖ ਕੇ ਉਹ ਰੋਣ ਲੱਗ ਪਈ।
ਉਸੇ ਸਮੇਂ ਉੱਥੇ ਦੇਵੀ ਇੰਦਰਾਣੀ ਪ੍ਰਗਟ ਹੋਈ ਅਤੇ ਉਨ੍ਹਾਂ ਨੇ ਵੀਰਾਵਤੀ ਨੂੰ ਦੱਸਿਆ ਕਿ ਉਸ ਨੇ ਗ਼ਲਤ ਸਮੇਂ ’ਤੇ ਵਰਤ ਤੋੜਿਆ ਸੀ, ਇਸੇ ਕਾਰਨ ਉਸ ਦੇ ਪਤੀ ਦੀ ਮੌਤ ਹੋਈ ਹੈ। ਦੇਵੀ ਇੰਦਰਾਣੀ ਨੇ ਕਿਹਾ ਕਿ ਜੇਕਰ ਉਹ ਅਗਲੇ ਸਾਲ ਪੂਰੀ ਸ਼ਰਧਾ ਨਾਲ ਕਰਵਾਚੌਥ ਦਾ ਵਰਤ ਰੱਖੇਗੀ, ਤਾਂ ਉਸ ਦੇ ਪਤੀ ਨੂੰ ਮੁੜ ਜੀਵਨ ਮਿਲ ਸਕਦਾ ਹੈ।
ਵੀਰਾਵਤੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੂੰ ਬਹੁਤ ਪਛਤਾਵਾ ਹੋਇਆ। ਉਸ ਨੇ ਨਿਰਮਲ ਮਨ ਨਾਲ ਭਗਵਾਨ ਗਣੇਸ਼ ਦੀ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗੀ। ਇਸ ਤੋਂ ਬਾਅਦ ਸਾਹੂਕਾਰ ਦੀ ਧੀ ਨੇ ਪੂਰੀ ਵਿਧੀ-ਵਿਧਾਨ ਨਾਲ ਹਰ ਚਤੁਰਥੀ ਦਾ ਵਰਤ ਰੱਖਣਾ ਸ਼ੁਰੂ ਕਰ ਦਿੱਤਾ।
ਵੀਰਾਵਤੀ ਦੀ ਨਿਰਮਲ ਭਗਤੀ ਦੇਖ ਕੇ ਭਗਵਾਨ ਗਣੇਸ਼ ਅਤੇ ਕਰਵਾ ਮਾਤਾ ਉਸ ’ਤੇ ਪ੍ਰਸੰਨ ਹੋਏ। ਅਗਲੇ ਸਾਲ ਜਦੋਂ ਕਰਵਾਚੌਥ ਆਇਆ, ਤਾਂ ਕਰਵਾ ਮਾਤਾ ਦੇ ਆਸ਼ੀਰਵਾਦ ਨਾਲ ਉਸ ਦੇ ਪਤੀ ਨੂੰ ਮੁੜ ਜੀਵਨ ਮਿਲ ਗਿਆ।
ਜਿਸ ਤਰ੍ਹਾਂ ਸਾਹੂਕਾਰ ਦੀ ਧੀ ਦੇ ਪਤੀ ਨੂੰ ਵਰਤ ਦੇ ਪ੍ਰਭਾਵ ਨਾਲ ਜੀਵਨਦਾਨ ਮਿਲਿਆ, ਉਸੇ ਤਰ੍ਹਾਂ ਭਗਵਾਨ ਗਣੇਸ਼ ਅਤੇ ਕਰਵਾ ਮਾਤਾ ਸਾਰਿਆਂ ਦੇ ਪਤੀਆਂ ਨੂੰ ਲੰਬੀ ਉਮਰ ਦਾ ਆਸ਼ੀਰਵਾਦ ਦੇਣ।
ਕਰਵਾ ਮਾਤਾ ਦੀ ਜੈ!
ਮਾਨਤਾ ਹੈ ਕਿ ਜੇਕਰ ਤੁਸੀਂ ਵੀ ਕਰਵਾਚੌਥ ਵਾਲੇ ਦਿਨ ਇਸ ਵਰਤ ਕਥਾ ਦਾ ਪਾਠ ਕਰੋਗੀਆਂ ਅਤੇ ਪੂਰੀ ਸ਼ਰਧਾ ਨਾਲ ਚੰਦਰਮਾ ਨੂੰ ਅਰਘ ਦਿਓਗੀਆਂ, ਤਾਂ ਤੁਹਾਨੂੰ ਵੀ ਸੁਖੀ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਸ਼ੀਰਵਾਦ ਮਿਲੇਗਾ।