- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਵਿੱਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ 13-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤੀ ਟੀਮ ਲਈ ਮਨਦੀਪ ਸਿੰਘ ਅਤੇ ਹਰਦਿਕ ਸਿੰਘ ਨੇ ਤਿੰਨ-ਤਿੰਨ ਗੋਲ ਦਾਗ਼ੇ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਹੈ।

ਤੇਜਿੰਦਰ ਕੌਰ ਥਿੰਦ, ਜਲੰਧਰ: ਪੰਜਾਬੀ ਜਾਗਰਣ ਟੀਮ, ਜਲੰਧਰ : ਮੌਜੂਦਾ ਚੈਂਪੀਅਨ ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ’ਚ ਆਪਣੇ ਪਹਿਲੇ ਲੀਗ ਮੈਚ ਦੌਰਾਨ ਬੰਗਲਾਦੇਸ਼ ਨੂੰ 13-0 ਨਾਲ ਕਰਾਰੀ ਹਾਰ ਦੇ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਦਿਆਂ, ਭਾਰਤੀ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਇਸ ਜਿੱਤ ਨੂੰ ਯਾਦਗਾਰ ਬਣਾ ਦਿੱਤਾ। ਜਲੰਧਰ ਦੇ ਹੀ ਸਟਾਰ ਖਿਡਾਰੀ ਮਨਦੀਪ ਸਿੰਘ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਇਸ ਦੇ ਨਾਲ ਹੀ, ਕਪਤਾਨ ਹਰਮਨਪ੍ਰੀਤ ਸਿੰਘ, ਉਪ-ਕਪਤਾਨ ਹਾਰਦਿਕ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਦੋ-ਦੋ ਗੋਲ ਕੀਤੇ। ਸ਼ਿਲਾਨੰਦ ਲਾਕੜਾ, ਅਭਿਸ਼ੇਕ, ਨੀਲਕਾਂਤ ਸ਼ਰਮਾ ਤੇ ਜੁਗਰਾਜ ਸਿੰਘ ਨੇ ਵੀ ਇੱਕ-ਇੱਕ ਗੋਲ ਕਰਕੇ ਇਸ ਵੱਡੀ ਜਿੱਤ ’ਚ ਯੋਗਦਾਨ ਪਾਇਆ। ਭਾਰਤ ਨੇ ਹਮਲਾਵਰ ਖੇਡ ਦਿਖਾਉਂਦੇ ਹੋਏ 18 ਸ਼ਾਟ ਨਿਸ਼ਾਨੇ ’ਤੇ ਲਗਾਏ, ਜਿਨ੍ਹਾਂ ’ਚੋਂ 13 ਗੋਲ ’ਚ ਤਬਦੀਲ ਹੋਏ। ਪੂਰੇ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਬੰਗਲਾਦੇਸ਼ ’ਤੇ ਲਗਾਤਾਰ ਦਬਾਅ ਬਣਾਈ ਰੱਖਿਆ, ਜਿਸ ਕਾਰਨ ਵਿਰੋਧੀ ਟੀਮ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ।
ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਉਦਘਾਟਨੀ ਮੈਚ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਚੀਨ, ਜਿਸ ਨੂੰ ਪਹਿਲਾਂ ਏਸ਼ੀਆਈ ਖੇਡਾਂ ਵਿੱਚ ਮਲੇਸ਼ੀਆ ਹੱਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਵਾਰ ਬਦਲਾ ਲੈਣ ਵਿੱਚ ਅਸਫਲ ਰਿਹਾ। ਮੰਗਲਵਾਰ ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ, ਮਲੇਸ਼ੀਆ ਦੇ ਅਜ਼ਰਾਈ ਅਬੂ ਕਮਾਲ ਨੇ ਚੌਥੇ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। 11ਵੇਂ ਮਿੰਟ ਵਿੱਚ ਚੀਨ ਦੇ ਵਾਂਗ ਯਾਕੀ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ, ਅਤੇ ਇੱਕ ਮਿੰਟ ਬਾਅਦ ਚੀਨ ਦੇ ਨੀ ਮੋਦਾ ਨੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। 14ਵੇਂ ਮਿੰਟ ਤੱਕ, ਮਲੇਸ਼ੀਆ ਦੇ ਅਜ਼ਰਾਈ ਅਬੂ ਕਮਾਲ ਨੇ ਇੱਕ ਹੋਰ ਗੋਲ ਕਰਕੇ ਮੈਚ ਨੂੰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ, ਮਲੇਸ਼ੀਆ ਦੇ ਅਨੁਆਰ ਅਖੀਮੁੱਲਾ ਨੇ ਗੋਲ ਕਰਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। 27ਵੇਂ ਮਿੰਟ ਵਿੱਚ, ਚੀਨ ਦੇ ਚੇਨ ਬੇਨਹਾਈ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ।