- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਬਾਅਦ ਕੋਰੀਆਈ ਟੀਮ ਦੇ ਦਿਓਂਗੇ ਜੁਨਸੀਓਗ ਨੇ ਆਖਰੀ ਪਲਾਂ ਯਾਨੀ 59ਵੇਂ ਮਿੰਟ ’ਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 3-2 ਕੀਤਾ, ਪਰ ਉਹ ਮੈਚ ਨੂੰ ਬਰਾਬਰੀ ’ਤੇ ਲਿਆਉਣ ’ਚ ਅਸਫਲ ਰਹੇ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਜਾ ਰਹੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਇੱਕ ਬੇਹੱਦ ਰੋਮਾਂਚਕ ਤੇ ਸਾਹ ਰੋਕਵੇਂ ਮੁਕਾਬਲੇ ’ਚ ਜਾਪਾਨ ਦੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 3-2 ਨਾਲ ਚਿੱਤ ਕਰਕੇ ਟੂਰਨਾਮੈਂਟ ’ਚ ਸ਼ਾਨਦਾਰ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਇਹ ਲੀਗ ਮੈਚ ਆਖਰੀ ਪਲਾਂ ਤੱਕ ਕਾਫ਼ੀ ਸੰਘਰਸ਼ਪੂਰਨ ਰਿਹਾ। ਕੋਰੀਆਈ ਟੀਮ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ ਅਪਣਾਇਆ, ਪਰ ਜਾਪਾਨੀ ਖਿਡਾਰੀਆਂ ਨੇ ਸ਼ਾਨਦਾਰ ਤਾਲਮੇਲ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ ਕਰਾਰਾ ਜਵਾਬ ਦਿੱਤਾ। ਮੈਚ ਦੇ 14ਵੇਂ ਮਿੰਟ ’ਚ ਜਾਪਾਨ ਦੇ ਫੁਕੁਦਾ ਕੇਟਰੋ ਵੱਲੋਂ ਫੀਲਡ ਗੋਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਨਾਲ 15ਵੇਂ ਮਿੰਟ ’ਚ ਕੋਰੀਆ ਟੀਮ ਦੇ ਹਨ ਸੇਗਜੁਨ ਨੇ ਜਾਪਾਨ ਖਿਲਾਫ ਗੋਲ ਕਰਕੇ ਮੈਚ ਨੂੰ ਬਰਾਬਰੀ ਤਕ ਲੈ ਆਂਦਾ। ਇਸ ਤੋਂ ਬਾਅਦ 36ਵੇਂ ਮਿੰਟ ’ਚ ਫਿਰ ਤੋਂ ਜਾਪਾਨ ਓਕਾ ਰਾਇਓਮਾ ਨੇ ਸ਼ਾਨਦਾਰ ਫੀਲਡ ਗੋਲ ਰਾਹੀਂ ਜਾਪਾਨ ਦੀ ਅਗੇਤ ਮਜ਼ਬੂਤ ਕੀਤੀ। ਮੈਚ ਦੇ 52ਵੇਂ ਮਿੰਟ ’ਚ ਜਾਪਾਨ ਦੇ ਮਤਸੁਮੋਟੋ ਕਾਜੂਮਾਸਾ ਨੇ ਇੱਕ ਹੋਰ ਫੀਲਡ ਗੋਲ ਦਾਗ ਕੇ ਸਕੋਰ 3-1 ਕਰ ਦਿੱਤਾ। ਇਸ ਤੋਂ ਬਾਅਦ ਕੋਰੀਆਈ ਟੀਮ ਦੇ ਦਿਓਂਗੇ ਜੁਨਸੀਓਗ ਨੇ ਆਖਰੀ ਪਲਾਂ ਯਾਨੀ 59ਵੇਂ ਮਿੰਟ ’ਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 3-2 ਕੀਤਾ, ਪਰ ਉਹ ਮੈਚ ਨੂੰ ਬਰਾਬਰੀ ’ਤੇ ਲਿਆਉਣ ’ਚ ਅਸਫਲ ਰਹੇ। ਪੂਰੇ ਮੈਚ ਦੌਰਾਨ ਜਾਪਾਨੀ ਡਿਫੈਂਡਰਾਂ ਤੇ ਗੋਲਕੀਪਰ ਨੇ ਕੋਰੀਆ ਦੇ ਕਈ ਹਮਲਿਆਂ ਨੂੰ ਨਾਕਾਮ ਕੀਤਾ। ਮੈਚ ’ਚ ਰੈਫਰੀ ਦੀ ਭੂਮਿਕਾ ਬੰਗਲਾਦੇਸ਼ ਦੇ ਮੁਹੰਮਦ ਸ਼ਹਬਾਜ਼ ਅਲੀ ਤੇ ਭਾਰਤ ਦੇ ਆਨੰਦ ਡਾਂਗੀ ਨੇ ਬਾਖ਼ੂਬੀ ਨਿਭਾਈ।